FAQ

ਕੁਦਰਤੀ ਖੇਤੀ ਕੀ ਹੈ?

ਬਜ਼ਾਰ ਦੇ ਦਖਲ ਤੋਂ ਨਿਰਲੇਪ, ਕੁਦਰਤ ਨਾਲ ਸੰਤੁਲਿਤ ਤਾਲਮੇਲ ਚ ਆਪਣੇ ਘਰ, ਖੇਤ ਅਤੇ ਆਲੇ-ਦੁਆਲੇ ਉਪਲਭਧ ਕੁਦਰਤੀ ਸਾਧਨਾਂ ਜਿਵੇਂ ਕਿ ਰੁੱਖਾਂ, ਪਸ਼ੂ-ਪੰਛੀਆਂ, ਕੀਟ-ਪਤੰਗਿਆਂ, ਸੂਖਮ ਜੀਵਾਂ ਆਦਿ ਨਾਲ ਸਹਿਹੋਂਦ ਵਿਚ ਬਿਨਾਂ ਰਸਾਇਣਕ ਖਾਦਾਂ ਅਤੇ ਜ਼ਹਿਰ ਵਰਤਿਆਂ ਖੇਤਾਂ ਭੂਮੀ ਤੋਂ ਸਰਬੱਤ ਦੇ ਭਲੇ ਹਿੱਤ ਸ਼ੁੱਧ ਖੁਰਾਕ ਉਪਜਾਉਣਾ ਹੀ ਕੁਦਰਤੀ ਖੇਤੀ ਹੈ।

ਕੁਦਰਤੀ ਖੇਤੀ ਕਰਨ ਦੀ ਕੀ ਲੋੜ ਹੈ?

ਪੰਜਾਬ ਨੂੰ ਦਰਪੇਸ਼ ਖੇਤੀ ਸਿਹਤ ਅਤੇ ਵਾਤਾਵਰਣ ਦੇ ਮੌਜੂਦਾ ਸੰਕਟ, ਜਿਸਦੇ ਚਲਦਿਆਂ ਪੰਜਾਬ ਸਰੀਰਕ ਮਾਨਸਿਕ ਅਤੇ ਪ੍ਰਜਨਣ ਸਿਹਤ ਪੱਖੋਂ ਰੋਗਾਂ ਦਾ ਕੁੱਜਾ ਬਣ ਗਿਆ ਹੈ।ਪੰਜਾਬ ਦੀ ਜ਼ਮੀਨ ਨਿਰੰਤਰ ਬੰਜ਼ਰ ਹੋਣ ਵੱਲ ਵਧਦੀ ਜਾ ਰਹੀ ਹੈ। ਪੰਜਾਬ ਦਾ ਧਰਤੀ ਹੇਠਲਾ ਪਾਣੀ ਪਲੀਤ ਹੀ ਨਹੀਂ ਹੋਇਆ ਸਗੋਂ ਮੁੱਕਣ ਕੰਢੇ ਪੁੱਜ ਗਿਆ ਹੈ।ਪੰਜਾਬ ਦੀਆਂ ਹਵਾਵਾਂ ਚ ਮਣਾਂਮੂੰਹੀਂ ਜ਼ਹਿਰ ਘੁਲ ਗਏ ਹਨ। ਆਰਥਿਕ ਪੱਖੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਪੰਜਾਬ ਦੀ ਕਿਰਸਾਨੀ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਚੱਲੀ ਏ। ਏਨਾਂ ਹੀ ਨਹੀਂ ਪੰਜਾਬੀ ਆਪਣੇ ਸੁਰੱਖਿਅਤ ਭਵਿੱਖ ਦੀ ਚਾਹ ਵਿਚ ਕਿਸੇ ਵੀ ਕੀਮਤ ’ਤੇ ਵੱਡੀ ਸੰਖਿਆ ਚ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ।ਇਸ ਸਾਰੇ ਵਰਤਾਰੇ ਲਈ ਸਰਕਾਰਾਂ ਵੱਲੋਂ ਕਿਸਾਨਾਂ ਉੱਤੇ ਥੋਪੀ ਗਈ ਹਰੀ ਕ੍ਰਾਂਤੀ ਵਾਲੀ ਰਸਾਇਣਕ ਖੇਤੀ ਵੱਡੇ ਪੱਧਰ ’ਤੇ ਅਤੇ ਮੁੱਖ ਰੂਪ ਨਾਲ ਜੁੰਮੇਵਾਰ ਹੈ। ਕੁਦਰਤੀ ਖੇਤੀ ਉਪਰੋਕਤ ਸਾਰੇ ਵਰਤਾਰੇ ਨੂੰ ਠੱਲ ਪਾ ਕੇ ਮੌਜੂਦਾ ਖੇਤੀ ਸਿਹਤ ਅਤੇ ਵਾਤਾਵਰਨ ਸੰਕਟ ਤੋਂ ਪੰਜਾਬ ਨੂੰ ਨਿਜ਼ਾਤ ਦਿਵਾਉਣ ਦਾ ਮਾਦਾ ਰੱਖਦੀ ਹੈ। ਇਸ ਲਈ ਕੁਦਰਤੀ ਖੇਤੀ ਕਰਨਾ ਅਜੋਕੇ ਸਮੇਂ ਦੀ ਫ਼ੌਰੀ ਲੋੜ ਹੈ।

ਕੀ ਕੁਦਰਤੀ ਖੇਤੀ ਚ ਪਹਿਲੇ ਕੁੱਝ ਵਰ੍ਹੇ ਝਾੜ ਘਟਦਾ ਹੈ?

ਜੇਕਰ ਬਿਨਾਂ ਪੂਰੀ ਤਿਆਰੀ ਤੇ ਵਿਓਂਤਬੰਦੀ ਕੀਤਿਆਂ ਅਤੇ ਬਿਨਾ ਢੁਕਵੀਂ ਸਿਖਲਾਈ ਲਿਆਂ ਕੁਦਰਤੀ ਖੇਤੀ ਕਰਨ ਲੱਗ ਜਾਈਏ ਤਾਂ ਪਹਿਲੇ ਕੁੱਝ ਸਾਲ ਹੀ ਨਹੀਂ ਸਗੋਂ ਕੈਮੀਕਲ ਖੇਤੀ ਦੇ ਮੁਕਾਬਲੇ ਹਰ ਸਾਲ ਹੀ ਝਾੜ ਘਟ ਨਿਕਲਦਾ ਹੈ।

ਘੱਟੋ-ਘੱਟ ਕਿੰਨੀ ਜ਼ਮੀਨ ਤੋਂ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ?

ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੀ ਲੋੜ ਨੂੰ ਮੁੱਖ ਰੱਖਦਿਆਂ ਘੱਟੋ-ਘੱਟ 4 ਕਨਾਲਾਂ ਰਕਬੇ ਚ ਕੁਦਰਤੀ ਖੇਤੀ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।

ਕੁਦਰਤੀ ਖੇਤੀ ਉਤਪਾਦਾਂ ਕਿੱਥੇ ਵਿਕਣਗੇ?

ਸਾਡਾ ਮੰਨਣਾ ਹੈ ਜਿਹੜਾ ਬੰਦਾ ਆਪਣੇ ਪਰਿਵਾਰ ਨੂੰ ਜ਼ਹਿਰਮੁਕਤ ਖ਼ੁਰਾਕ ਨਹੀਂ ਖਵਾ ਸਕਦਾ, ਉਹ ਸੰਸਾਰ ਨੂੰ ਵੀ ਜ਼ਹਿਰ ਮੁਕਤ ਖ਼ੁਰਾਕ ਨਹੀਂ ਦੇ ਸਕਦਾ।ਸੋ ਪਹਿਲੇ ਸਾਲ ਆਪਣੇ ਪਰਿਵਾਰ ਨੂੰ ਮੁੱਖ ਰੱਖਦਿਆਂ ਹੀ ਕੁਦਰਤੀ ਖੇਤੀ ਸ਼ੁਰੂ ਕਰੋ।ਇਹ ਕਰਦੇ ਹੋਏ ਜੇਕਰ ਤੁਹਾਨੂੰ ਲੱਗੇ ਕਿ ਕੁਦਰਤੀ ਖੇਤੀ ਹੋਰ ਵਧਾਈ ਜਾ ਸਕਦੀ ਹੈ ਤਾਂ ਹੀ ਬਜ਼ਾਰ ਲਈ ਪੈਦਾ ਕਰਨ ਬਾਰੇ ਸੋਚੋ।

ਮੌਜੂਦਾ ਸਮੇਂ ਕੁਦਰਤੀ ਖੇਤੀ ਕਰਨ ਵਾਲੇ ਬਹੁਗਿਣਤੀ ਕਿਸਾਨਾਂ ਦਾ ਸਾਰੇ ਉਤਪਾਦ ਉਹਨਾਂ ਦੇ ਘਰੋਂ ਹੀ ਵਿਕ ਜਾਂਦੇ ਹਨ। ਇਸ ਮਾਮਲੇ ਚ ਵੱਖ-ਵੱਖ ਸ਼ਹਿਰਾਂ ਵਿਖੇ ਸਥਿਤ ਖੇਤੀ ਵਿਰਾਸਤ ਮਿਸ਼ਨ ਦੀਆਂ ਕੁਦਰਤੀ ਕਿਸਾਨ ਹਾਟਾਂ ਅਤੇ ਕੁਦਰਤ ਹੱਟਾਂ ਵੀ ਕਿਸਾਨਾਂ ਨੂੰ ਉਹਨਾਂ ਦੇ ਜ਼ਹਿਰਮੁਕਤ ਉਤਪਾਦਾਂ ਦੇ ਮੰਡੀਕਰਨ ਲਈ ਯੋਗ ਮੰਚ ਮੁਹੱਈਆ ਕਰਵਾ ਰਹੀਆਂ ਹਨ।

ਕੁਦਰਤੀ ਖੇਤੀ ਲਈ ਕਿਹੜੇ ਪਸ਼ੂ ਹਿੱਤਕਾਰੀ ਹਨ?

ਕੁਦਰਤੀ ਖੇਤੀ ਲਈ ਖਾਸਕਰ ਦੇਸੀ ਗਊ ਅਤੇ ਮੱਝ ਸਮੇਤ ਉਹ ਹਰੇਕ ਪਸ਼ੂ ਹਿੱਤਕਾਰੀ ਹੈ ਜਿਹੜੇ ਬਹੁਤ ਘੱਟ ਬਿਮਾਰ ਪੈਂਦਾ ਹੋਵੇ। ਜਿਹੜਾ ਗਰਮੀ ਅਤੇ ਸਰਦੀ ਦਾ ਟਾਕਰਾ ਆਪਣੇ ਦਮ ’ਤੇ ਕਰ ਸਕਦਾ ਹੋਵੇ। ਜਿਸਨੂੰ ਲਗਾਤਾਰ ਐਂਟੀਬਾਇਓਟਿਕ ਦਵਾਈਆਂ ਨਾ ਦੇਣੀਆਂ ਪੈਂਦੀਆਂ ਹੋਣ ਅਤੇ ਜਿਸਦੇ ਗੋਹੇ ਜਾਂ ਮਲ ਨੂੰ ਅਸੀਂ ਇੱਕ ਹੱਥ ਨਾਲ ਚੁੱਕ ਕੇ ਇਕ ਥਾਂ ਤੋਂ ਦੂਜੀ ਥਾਂ ਲਿਜਾ ਸਕਦੇ ਹੋਈਏ।

ਕੁਦਰਤੀ ਖੇਤੀ ਸ਼ੁਰੂ ਕਰਨ ਲਈ ਜ਼ਮੀਨ ਕਿਵੇਂ ਤਿਆਰ ਕੀਤੀ ਜਾਵੇ?

ਕੁਦਰਤੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਤ ਖੇਤ ਦੀ ਜ਼ਮੀਨ ਨਰੋਈ, ਵਧੇਰੇ ੳਪਜਾਊ ਅਤੇ ਤੰਦਰੁਸਤ ਬਣਾਉਣਾ ਬੇਹੱਦ ਲਾਜ਼ਮੀ ਕਾਰਜ ਹੈ। ਇਸ ਲਈ ਪੂਰਾ ਇੱਕ ਸੀਜ਼ਨ ਖੇਤ ਵਿਚ ਪ੍ਰਤਿ ਏਕੜ ਵੇਸਟ ਡੀਕੰਪੋਜ਼ਰ ਨਾਲ ਤਿਆਰ ਕੀਤੀ ਗਈ 4 ਟਰਾਲੀਆਂ ਰੂੜੀ ਦੀ ਖਾਦ (ਇੱਕ ਵਾਰ) ਪਾ ਕੇ ਮਿਸ਼ਰਤ ਹਰੀ ਖਾਦ ਬੀਜੋ। ਜਦੋਂ ਮਿਸ਼ਰਤ ਹਰੀ ਖਾਦ 6-6 ਫੁੱਟ ਦੀ ਹੋ ਜਾਵੇ ਤਾਂ ਉਸਤੇ ਹੇਠੋਂ 6 ਇੰਚ ਛੱਡ ਕੇ ਕਟਰ ਚਲਾਉਣ ਉਪਰੰਤ ਖੇਤ ਨੂੰ ਪ੍ਰਤਿ ਏਕੜ 200 ਲੀਟਰ ਵੇਸਟ ਡੀਕੰਪੋਜ਼ਰ ਪਾਉਂਦੇ ਹੋਏ ਪਾਣੀ ਲਾ ਦਿੳ।ਹੇਠੋਂ ਮੁੱਢ ਫੁੱਟਣ ਉਪਰੰਤ ਫਿਰ ਵਧਣੇ-ਫੁੱਲਣੇ ਸ਼ੁਰੂ ਹੋਣਗੇ ਹਰੀ ਖਾਦ ਦੇ ਦੁਬਾਰਾ ਫਿਰ 6-6 ਫੁੱਟ ਦੀ ਹੋਣ ਉਪਰੰਤ ਉਸਤੇ ਉਸੇ ਤਰ੍ਹਾਂ ਕਟਰ ਚਲਾ ਕੇ ਖੇਤ ਨੂੰ ਪ੍ਰਤਿ ਏਕੜ 200 ਲੀਟਰ ਵੇਸਟ ਡੀਕੰਪੋਜ਼ਰ ਪਾਉਂਦੇ ਹੋਏ ਪਾਣੀ ਲਾ ਦਿਉ। ਇਸ ਵਾਰ ਹਰੀ ਖਾਦ ਨੂੰ 4-4 ਫੁੱਟ ਦੀ ਹੋਣ ’ਤੇ ਤਵਿਆਂ ਜਾਂ ਰੋਟਾਵੇਟਰ ਨਾਲ ਖੇਤ ਚ ਵਾਹ ਕੇ ਫਿਰ ਤੋਂ ਪ੍ਰਤਿ ਏਕੜ 200 ਲੀਟਰ ਵੇਸਟ ਡੀਕੰਪੋਜ਼ਰ ਪਾਉਂਦੇ ਹੋਏ ਪਾਣੀ ਲਾ ਦਿਉ ਅਤੇ ਵੱਤਰ ਆਉਣ ਉਪਰੰਤ ਵਾਹੁਣ-ਸੰਵਾਰਨ ਉਪਰੰਤ ਸੀਜ਼ਨ ਦੀਆਂ ਫਸਲਾਂ ਬੀਜਣ ਲਈ ਖੇਤ ਤਿਆਰ ਹੈ।

ਨੋਟ: ਇਹ ਕਾਰਜ 10 ਮਈ ਨੂੰ ਸ਼ੁਰੂ ਕੀਤਾ ਜਾਵੇ।ਇਸ ਪ੍ਰਕਾਰ ਅਕਤੂਬਰ ਮਹੀਨੇ ਹਾੜੀ ਦੀਆਂ ਫਸਲਾਂ ਦੀ ਬਿਜਾਈ ਲਈ ਪੂਰਾ ਤਗੜਾ ਖੇਤ ਤਿਆਰ ਹੋ ਜਾਵੇਗਾ।

ਕੁਦਰਤੀ ਖੇਤੀ ਤਹਿਤ ਬੀਜ ਸ਼ੋਧਣ ਕਿਸ ਤਰ੍ਹਾਂ ਕੀਤਾ ਜਾਵੇ?

ਕੁਦਰਤੀ ਖੇਤੀ ਤਹਿਤ ਬੀਜ ਸ਼ੋਧਣ ਦੇ ਕਈ ਤਰੀਕੇ ਹਨ।ਜਿਵੇਂ ਕਿ ਬੀਜ ਅੰਮ੍ਰਿਤ ਨਾਲ ਬੀਜ ਸ਼ੋਧਣ ਕਰਨਾ।ਕੱਚੇ ਦੁੱਧ ਹਿੰਗ ਅਤੇ ਨਿੰਮ ਦੇ ਪਾਣੀ ਦੇ ਘੋਲ ਨਾਲ ਬੀਜ ਸ਼ੋਧਣ ਕਰਨਾ।ਟ੍ਰਾਈਕੋਡਰਮਾ, ਸੂਡੋਮੋਨਾਜ਼, ਅਜੋਟੋਬੈਕਟਰੇਰਾਈਜੋਬੈਕਟਰ ਜੀਵਾਣੂ ਕਲਚਰਾਂ ਨਾਲ ਬੀਜ ਸ਼ੋਧਣ ਕਰਨਾ ਆਦਿ।

ਬੀਜ ਅੰਮ੍ਰਿਤ ਕਿਵੇਂ ਬਣਦਾ ਹੈ?

ਬੀਜ ਅੰਮ੍ਰਿਤ ਬਣਾਉਣ ਲਈ ਦੇਸੀ ਗਊ ਜਾਂ ਮੱਝ 1 ਕਿੱਲੋ ਤਾਜੇ ਗੋਬਰ, 1 ਲੀਟਰ ਮੂਤਰ, 100 ਗ੍ਰਾਮ ਕੱਚੇ ਦੁੱਧ ਅਤੇ 2 ਲੀਟਰ ਸਾਦੇ ਪਾਣੀ ਨੂੰ ਇਕ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਚ ਘੋਲ ਦਿਉ। ਇਸੇ ਪ੍ਰਕਾਰ ਦੇ ਇੱਕ ਦੂਸਰੇ ਭਾਂਡੇ ਚ ਅੱਧਾ ਲੀਟਰ ਪਾਣੀ ਅਤੇ 50 ਗ੍ਰਾਮ ਚੂਨਾ (ਸਫੇਦੀ) ਘੋਲ ਦਿਉ। ਦੋਹਾਂ ਮਿਸ਼ਰਣਾਂ ਨੂੰ 12 ਤੋਂ 24 ਘੰਟੇ ਵੱਖ-ਵੱਖ ਰੱਖਣ ਉਪਰੰਤ ਇਕੱਠੇ ਕਰਕੇ ਕੱਪੜੇ ਨਾਲ ਪੁਣ ਲਉ। ਬੀਜ ਅੰਮ੍ਰਿਤ ਤਿਆਰ ਹੈ।

ਨੋਟ: ਦਾਲਾਂ ਅਤੇ ਨਰਮ ਛਿਲਕੇ ਵਾਲੇ ਬੀਜਾਂ ਲਈ ਬੀਜ ਅੰਮ੍ਰਿਤ ਤਿਆਰ ਕਰਦੇ ਸਮੇਂ ਬੀਜ ਅੰਮ੍ਰਿਤ ਵਿਚ ਚੂਨਾ ਦੀ ਵਰਤੋਂ ਨਾ ਕੀਤੀ ਜਾਵੇ।

ਬੀਜ ਨੂੰ ਬੀਜ ਅੰਮ੍ਰਿਤ ਕਿਵੇਂ ਲਾਇਆ ਜਾਵੇ?

ਬੀਜ ਨੂੰ ਪਲਾਸਿਟਕ ਦੀ ਤ੍ਰਿਪਾਲ ਜਾਂ ਪੱਕੇ ਫਰਸ਼ ਤੇ ਢੇਰੀ ਕਰਨ ਉਪਰੰਤ ਉਸ ਉੱਤੇ ਹੱਥ ਵਾਲੇ ਸਪਰੇਹ ਪੰਪ ਨਾਲ ਬੀਜ ਅੰਮ੍ਰਿਤ ਦਾ ਫੁਹਾਰਾ ਮਾਰਦੇ ਹੋਏ ਓਨਾਂ ਚਿਰ ਦੋਹਾਂ ਹੱਥਾਂ ਨਾਲ ਪੋਲਾ-ਪੋਲਾ ਮਲਦੇ ਰਹੋ ਜਦੋਂ ਤੱਕ ਕਿ ਇੱਕ ਦਾਣੇ ਨੂੰ ਬੀਜ ਅੰਮ੍ਰਿਤ ਨਾ ਲੱਗ ਜਾਵੇ।

ਗੁੜਜਲ ਅੰਮ੍ਰਿਤ ਕੀ ਹੈ?

ਪੁਰਾਣੇ ਗੁੜ, ਦੇਸੀ ਗਊ ਜਾਂ ਮੱਝ ਦੇ ਗੋਬਰ, ਸੇਂਧਾ ਨਮਕ, ਸਰੋਂ ਦੇ ਤੇਲ, ਦੇਸੀ ਗਊ ਜਾਂ ਮੱਝ ਦੇ ਪਿਸ਼ਾਬ ਅਤੇ ਪਾਣੀ ਨੂੰ ਇਕ ਨਿਸ਼ਚਿਤ ਅਨੁਪਾਤ ਮਿਲਾ ਕੇ ਤਿਆਰ ਕੀਤੇ ਜਾਣ ਵਾਲੇ ਮਿਸ਼ਰਣ ਨੂੰ ਗੁੜਜਲ ਅੰਮ੍ਰਿਤ ਆਖਦੇ ਹਨ।ਦਰਅਸਲ ਉਪਰੋਕਤ ਪਦਾਰਥਾਂ ਤੋਂ ਤਿਆਰ ਹੋਣ ਵਾਲਾ ਇਹ ਘੋਲ ਭੂਮੀ ਅੰਦਰ ਸੂਖਮ ਜੀਵਾਣੂਆਂ ਦੇ ਰੂਪ ਵਿਚ ਜੀਵ ਤੱਤ ਚ ਨਿਰੰਤਰ ਵਾਧਾ ਕਰਨ ਵਾਲਾ ਇੱਕ ਬਿਹਤਰੀਨ ਜੀਵਾਣੂ ਕਲਚਰ ਹੈ।

ਗੁੜਜਲ ਅੰਮ੍ਰਿਤ ਕਿਵੇਂ ਬਣਦਾ ਹੈ?

ਗੁੜਜਲ ਅੰਮ੍ਰਿਤ ਬਣਾਉਣ ਲਈ ਦੇਸੀ ਗਊ ਜਾਂ ਮੱਝ ਦੇ 60 ਕਿੱਲੋ ਤਾਜੇ ਗੋਬਰ ਵਿਚ 1 ਕਿੱਲੋ ਸੇਂਧਾ ਨਮਕ, 200 ਗ੍ਰਾਮ ਸਰੋਂ ਦਾ ਤੇਲ, 2 ਕਿੱਲੋ ਗੁੜ ਇਸ ਪ੍ਰਕਾਰ ਮਿਲਾਉ ਕਿ ਸਰੋਂ ਦਾ ਤੇਲ ਗੋਬਰ ਵਿਚ ਰਚ ਜਾਵੇ। ਹੁਣ ਇਸ ਮਿਸ਼ਰਣ ਨੂੰ 200 ਲੀਟਰ ਸਮਰੱਥਾ ਵਾਲੇ ਪਲਾਸਟਿਕ ਦੇ ਡਰੰਮ ਵਿਚ ਪਾ ਕੇ ਉੱਪਰੋਂ ਦੇਸੀ ਗਊ ਜਾਂ ਮੱਝ ਦਾ 5 ਲੀਟਰ ਮੂਤਰ ਅਤੇ 150 ਲੀਟਰ ਪਾਣੀ ਮਿਲਾ ਕੇ ਮਿਸ਼ਰਣ ਨੂੰ ਲਕੜੀ ਦੀ ਸੋਟੀ ਨਾਲ 10 ਮਿੰਟ ਚੰਗੀ ਤਰ੍ਹਾਂ ਘੋਲਣ ਉਪਰੰਤ ਡਰੰਮ ਦੇ ਮੂੰਹ ’ਤੇ ਕੋਈ ਹਵਾਦਾਰ ਕੱਪੜਾ ਬੰਨ੍ਹ ਕੇ ਸਰਦੀਆਂ ਚ ਧੁੱਪੇ ਅਤੇ ਗਰਮੀਆਂ ਚ ਛਾਂਵੇ ਰੱਖ ਦਿਉ। ਦਿਨ ਚ ਦੋ ਵਾਰ ਮਿਸ਼ਰਣ ਨੂੰ ਹਿਲਾਉਂਦੇ ਰਹੋ। ਸਰਦੀਆਂ ਚ 7 ਤੋਂ 10 ਦਿਨਾਂ ਅਤੇ ਗਰਮੀਆਂ ਚ 2 ਤੋਂ 4 ਦਿਨਾਂ ਵਿਚ ਗੁੜਜਲ ਅੰਮ੍ਰਿਤ ਵਰਤੋਂ ਲਈ ਤਿਆਰ ਹੋ ਜਾਂਦਾ ਹੈ।

ਪਾਥੀਆਂ ਦਾ ਪਾਣੀ ਕੀ ਹੈ, ਇਸਦਾ ਕੀ ਲਾਭ ਹੈ?

ਪਾਥੀਆਂ ਦਾ ਪਾਣੀ ਇਕ ਬਹੁਤ ਹੀ ਵਧੀਆ ਗਰੋਥ ਪ੍ਰੋਮੋਟਰ ਹੈ। ਇਸ ਵਿਚ ਇੱਕ ਜਿਬਰੈਲਿਕ ਅਤੇ ਹਿਊਮਿਕ ਐਸਿਡ ਸਮੇਤ ਇੱਕ ਪੌਦੇ ਨੂੰ ਆਪਣੇ ਵਾਧੇ-ਵਿਕਾਸ ਲਈ ਲੋੜੀਂਦੇ 11 ਸੂਖਮ ਪੋਸ਼ਕ ਤੱਤ ਪਾਏ ਜਾਂਦੇ ਹਨ।ਕਿਸੇ ਵੀ ਫਸਲ ਉੱਤੇ ਇੱਕ ਨਿਸ਼ਚਿਤ ਮਾਤਰਾ ਵਿਚ ਇਸਦੀ ਸਪਰੇਹ ਕਰਨ ਉਪਰੰਤ ਫਸਲ ਦੇ ਵਾਧੇ ਵਿਕਾਸ ਪੱਖੋਂ ਚਮਤਕਾਰੀ ਨਤੀਜੇ ਮਿਲਦੇ ਹਨ।

ਪ੍ਰਤਿ ਏਕੜ ਕਿੰਨਾ ਪਾਥੀਆਂ ਦਾ ਪਾਣੀ ਅਤੇ ਕਿਸ ਤਰ੍ਹਾਂ ਵਰਤਣਾ ਹੈ?

ਪ੍ਰਤਿ ਏਕੜ 10 ਤੋਂ 12 ਲੀਟਰ ਪਾਥੀਆਂ ਦੇ ਪਾਣੀ ਦਾ ਛਿੜਕਾਅ ਕੀਤਾ ਜਾਵੇ।

ਪਾਥੀਆਂ ਦਾ ਪਾਣੀ ਕਿਵੇਂ ਤਿਆਰ ਹੁੰਦਾ ਹੈ?

ਪਾਥੀਆਂ ਦਾ ਪਾਣੀ ਤਿਆਰ ਕਰਨ ਲਈ ਇੱਕ ਸਾਲ ਪੁਰਾਣੀਆਂ ਅਤੇ ਅਣਭਿੱਜੀਆਂ 8 ਪਾਥੀਆਂ 35 ਲੀਟਰ ਪਾਣੀ ਚ ਪਾਉਣ ਉਪਰੰਤ 4 ਦਿਨਾਂ ਲਈ ਢਕ ਕੇ ਛਾਵੇਂ ਰੱਖ ਦਿਉ। ਚਾਰ ਦਿਨਾਂ ਉਪਰੰਤ ਪਾਥੀਆਂ ਨੂੰ ਪਾਣੀ ਚੋਂ ਬਾਹਰ ਕੱਢ ਦਿਉ।ਪਿੱਛੇ ਬਚਿਆ 20-22 ਲੀਟਰ ਪਾਥੀਆਂ ਦਾ ਪਾਣੀ ਵਰਤੋਂ ਲਈ ਤਿਆਰ ਹੈ।

ਨੋਟ: ਲੋੜ ਅਨੁਸਾਰ ਪਾਥੀਆਂ ਅਤੇ ਪਾਣੀ ਦੀ ਮਾਤਰਾ ਵਧਾਈ ਜਾ ਸਕਦੀ ਹੈ।

ਕੁਦਰਤੀ ਖੇਤੀ ਵਿਚ ਲੱਸੀ ਦਾ ਕੀ ਮਹੱਤਵ ਹੈ?

ਪੰਜ ਰਸਾਂ ਦਾ ਸੁਮੇਲ ਲੱਸੀ ਇਕ ਬਿਹਤਰੀਨ ਗਰੋਥ ਪ੍ਰੋਮੋਟਰ ਹੋਣ ਦੇ ਨਾਲ-ਨਾਲ ਬੇਹੱਦ ਅਸਰਕਾਰੀ ਉੱਲੀ ਰੋਗ ਨਾਸ਼ਕ ਹੈ। ਸੋ ਸਭ ਪ੍ਰਕਾਰ ਦੀਆਂ ਫਸਲਾਂ ਉੱਤੇ ਇਕ ਨਿਸ਼ਚਿਤ ਮਾਤਰਾ ਵਿਚ ਇਸਦੀ ਸਪਰੇਹ ਕਰਨ ਸਦਕਾ ਜਿੱਥੇ ਫਸਲਾਂ ਦਾ ਵਧੀਆ ਵਾਧਾ-ਵਿਕਾਸ ਹੁੰਦਾ ਹੈ ਓਥੇ ਹੀ ਉਹਨਾਂ ਨੂੰ ਉੱਲੀ ਰੋਗਾਂ ਤੋਂ ਵੀ ਨਿਜ਼ਾਤ ਮਿਲਦੀ ਹੈ।

ਪ੍ਰਤਿ ਏਕੜ ਕਿੰਨੀ ਮਾਤਰਾ ਚ ਅਤੇ ਕਿੰਨੀ ਪੁਰਾਣੀ ਲੱਸੀ ਦਾ ਛਿੜਕਾਅ ਕਰਨਾ ਚਾਹੀਦਾ ਹੈ?

ਵਧੀਆ ਨਤੀਜੇ ਪ੍ਰਾਪਤ ਕਰਨ ਲਈ ਕਿਸੇ ਵੀ ਫਸਲ ਉੱਤੇ ਪ੍ਰਤਿ ਏਕੜ, 4 ਦਿਨ ਪੁਰਾਣੀ 6 ਲੀਟਰ ਲੱਸੀ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।

ਫਸਲਾਂ ਨੂੰ ਕੀਟਾਂ ਅਤੇ ਬਿਮਾਰੀਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ?

ਫਸਲਾਂ ਨੂੰ ਕੀਟਾਂ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਹੇਠ ਦਿੱਤੇ ਨੁਕਤਿਆਂ ’ਤੇ ਅਮਲ ਕੀਤਾ ਜਾਵੇ:

  • ਹਰੇਕ ਫਸਲ ਸਮੇਂ ਸਿਰ ਬੀਜੀ ਜਾਵੇ।
  • ਬੀਜ ਅੰਮ੍ਰਿਤ ਆਦਿ ਨਾਲ ਬੀਜ ਸ਼ੋਧਣ ਲਾਜ਼ਮੀ ਕੀਤਾ ਜਾਵੇ।
  • ਖੇਤ ਵਿਚ ਕੱਚੀ ਰੂੜੀ ਦੀ ਪਾਉਣ ਬਜਾਇ ਹਮੇਸ਼ਾ ਰੂੜੀ ਦੀ ਤਿਆਰ ਖਾਦ ਹੀ ਪਾਈ ਜਾਵੇ।
  • ਫਸਲ ਬੀਜਦੇ ਸਮੇਂ ਖੇਤ ਵਿਚ ਹਵਾ ਦੇ ਉੱਚਿਤ ਸੰਚਾਰ ਅਤੇ ਰੌਸ਼ਨੀ ਦੀ ਭਰਪੂਰ ਉਪਲਬਧਤਾ ਯਕੀਨੀ ਬਣਾਈ ਜਾਵੇ ਅਰਥਾਤ ਲਾਈਨ ਤੋਂ ਲਾਈਨ ਅਤੇ ਪੌਦੇ ਤੋਂ ਪੌਦੇ ਵਿਚ ਏਨਾ ਕੁ ਫਾਸਲਾ ਰੱਖਿਆ ਜਾਵੇ ਫਸਲ ਨੂੰ ਭਰਪੂਰ ਫੁਟਾਰਾ ਕਰਨ ਲਈ ਪੂਰੀ ਜਗ੍ਹਾ ਮਿਲੇ। ਜਿਵੇਂ ਝੋਨੇ ਚ 1 * 1 ਫੁੱਟ, ਕਣਕ ਚ 9 * 9 ਇੰਚ, ਸਰੋਂ ਚ 3.5 * 3.5 ਫੁੱਟ, ਨਰਮੇ ਚ 3.5 * 3.5 ਫੁੱਟ।
  • ਹਰੇਕ ਫਸਲ ਨੂੰ ਪਾਣੀ ਉਦੋਂ ਹੀ ਲਾਇਆ ਜਾਵੇ ਜਦੋਂ ਫਸਲ ਮੰਗੇ।ਪਾਣੀ ਕਦੇ ਵੀ ਭਰ ਕੇ ਨਾ ਲਾਇਆ ਜਾਵੇ।ਇਸ ਮਕਸਦ ਦੀ ਪੂਰਤੀ ਲਈ ਕਿਆਰੇ ਇੱਕ ਏਕੜ ਵਿਚ ਘੱਟੋ-ਘੱਟ 6 ਕਿਆਰੇ ਪਾਏ ਜਾਣ ਅਤੇ ਪਾਣੀ ਹਮੇਸ਼ਾ ਖੇਤ ਵਿਚ ਰਹਿ ਕੇ ਲਾਇਆ ਜਾਵੇ।

Copyright © 2022 Kheti Virasat Mission. All rights reserved.